Aug102024
List All Events
Orientation program for students of entry classes
ਸਰਕਾਰੀ ਕਾਲਜ ਰੋਪੜ ਵਿਖੇ ਐਂਟਰੀ ਕੋਰਸਾਂ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ
ਅਨੁਸ਼ਾਸਨ ਵਿੱਚ ਰਹਿ ਕੇ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਵਿਦਿਆਰਥੀ : ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ
ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਸਬੰਧੀ ਦਿੱਤੀ ਗਈ ਜਾਣਕਾਰੀ
ਰੂਪਨਗਰ, ਮਿਤੀ 10-08-2024, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਵਿੱਦਿਅਕ ਸੈਸ਼ਨ 2024-25 ਦੌਰਾਨ ਐਂਟਰੀ ਕੋਰਸਾਂ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਤ ਕਰਨਾ ਅਤੇ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਸੀ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਉਚੇਰੀ ਸਿੱਖਿਆ ਵਿੱਚ ਦਾਖਲਾ ਲੈਣ ਦੀ ਵਧਾਈ ਦਿੱਤੀ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਵੀ ਕੀਤਾ।
ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਘਰੇਲੂ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੀ ਸਮਾਂ ਸਾਰਣੀ ਤੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਐਨ.ਸੀ.ਸੀ ਵਿੱਚ ਦਾਖ਼ਲੇ ਸਬੰਧੀ ਜਾਣਕਾਰੀ ਦਿੱਤੀ। ਪ੍ਰੋ. ਅਰਵਿੰਦਰ ਕੌਰ ਨੇ ਕਾਲਜ ਵੈਬਸਾਈਟ ਅਤੇ ਵੱਖ-ਵੱਖ ਐਡ-ਆੱਨ ਕੋਰਸਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਲਚਰਲ ਕੋਆਰਡੀਨੇਟਰ / ਨੋਡਲ ਅਫ਼ਸਰ ਵਜੀਫਾ ਡਾ. ਨਿਰਮਲ ਸਿੰਘ ਬਰਾੜ ਨੇ ਖੇਤਰੀ ਯੁਵਕ ਮੇਲਾ ਅਤੇ ਅੰਤਰ ਖੇਤਰੀ ਯੁਵਕ ਮੇਲਾ ਵਿੱਚ ਭਾਗ ਲੈਣ ਸਬੰਧੀ ਵੱਖ-ਵੱਖ ਸਭਿਆਚਰਾਕ ਵੰਨਗੀਆਂ ਅਤੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਵੱਖ-ਵੱਖ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਉਪਦੇਸ਼ਦੀਪ ਕੌਰ ਨੇ ਵੱਖ-ਵੱਖ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਦਲਵਿੰਦਰ ਸਿੰਘ ਨੇ ਐਨ.ਐਸ.ਐਸ. ਦੇ ਵਲੰਟੀਅਰ ਬਣਨ ਲਈ ਪ੍ਰੇਰਿਤ ਕੀਤਾ। ਡਾ. ਜਤਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਸੈੱਲ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਾਲਜ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਰੈਗਿੰਗ ਸਬੰਧੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਲੈਣਾ ਕਾਨੂੰਨੀ ਜੁਰਮ ਹੈ। ਇਸ ਮੌਕੇ ਨਵੇਂ ਵਿਦਿਆਰਥੀਆਂ ਦੀ ਵਿਭਾਗ ਮੁਖੀਆਂ ਅਤੇ ਸਮੂਹ ਸਟਾਫ ਨਾਲ ਜਾਣ-ਪਛਾਣ ਕਰਵਾਈ ਗਈ। ਵੱਖ-ਵੱਖ ਇੰਚਾਰਜ ਸਾਹਿਬਾਨ ਵੱਲੋਂ ਟਾਈਮ-ਟੇਬਲ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਮੰਚ ਸੰਚਾਲਨ ਪ੍ਰੋ. ਜੁਪਿੰਦਰ ਕੌਰ, ਪ੍ਰੋ. ਲਵਲੀਨ ਵਰਮਾ ਨੇ ਕੀਤਾ।
ਫੋਟੋ : ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਹਾਜ਼ਰ ਸਟਾਫ ਅਤੇ ਵਿਦਿਆਰਥੀ।
2024-08-10 Orientation Program For Students Of Entry Classes
Click View Album